ਰਾਏਕੋਟ ( ਗੁਰਭਿੰਦਰ ਗੁਰੀ ) ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇੱਕ ਅਜਿਹਾ ਕਲਾਕਾਰ ਹੈ, ਜਿਸ ਨੇ ਆਪਣੀ ਮਿੱਟੀ, ਬੋਲੀ, ਵਿਰਸੇ ਅਤੇ ਸੱਭਿਆਚਾਰ ਨੂੰ ਦੁਨੀਆਂ ਪੱਧਰ ਤੇ ਲੈ ਕੇ ਗਿਆ ਹੈ, ਪਰ ਕੁੱਝ ਲੋਕਾਂ ਵੱਲੋਂ ਉਸਦਾ ਬਿਨ੍ਹਾਂ ਕਿਸੇ ਗੱਲ ਤੋਂ ਵਿਰੋਧ ਕਰਨਾ ਅਤੇ ਫਿਲਮ ਸਰਦਾਰ ਜੀ 3 ਦਾ ਦੇਸ਼ ਵਿੱਚ ਰਿਲੀਜ ਨਾ ਹੋਣਾ ਬਹੁਤ ਮੰਦਭਾਗਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਆਦਮੀ ਪਾਰਟੀ ਦੇ ਜਿਲ੍ਹਾ ਲੁਧਿਆਣਾ ਦੇ ਕੋਆਰਡੀਨੇਟਰ ਪਰਮਿੰਦਰ ਸਿੰਘ ਰੱਤੋਵਾਲ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਦਾਰ ਜੀ 3 ਫਿਲਮ ਵਿੱਚ ਜੋ ਪਾਕਿਸਤਾਨੀ ਅਦਾਕਾਰਾ ਨੂੰ ਲੈ ਕੇ ਦਿਲਜੀਤ ਦੋਸਾਂਝ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਹ ਗਲਤ ਹੈ, ਕਿਉਂਕਿ ਇਹ ਫਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਬਣੀ ਹੈ, ਉਸ ਸਮੇਂ ਗੁਆਂਢੀ ਮੁਲਕ ਨਾਲ ਸਬੰਧ ਅੱਜ ਵਰਗੇ ਨਹੀਂ ਸਨ। ਦੂਸਰਾ ਕਲਾਕਾਰ ਸਾਰਿਆਂ ਦੇ ਸਾਂਝੇ ਹੁੰਦੇ ਹਨ, ਇੰਨ੍ਹਾਂ ਨੇ ਤਾਂ ਆਪਣਾ ਕੰਮ ਕਰਨਾ ਹੁੰਦਾ ਹੈ। ਰੱਤੋਵਾਲ ਨੇ ਕਿਹਾ ਕਿ ਫਿਲਮ ਵਿੱਚ ਕਿਹੜੇ ਕਲਾਕਾਰ ਨੇ ਕੰਮ ਕਰਨਾ ਹੈ, ਉਹ ਫੈਸਲਾ ਪ੍ਰੋਡਿਊਸਰ ਤੇ ਡਾਇਰੈਕਟਰ ਦਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਜਦੋਂ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਦਿਲਜੀਤ ਨੂੰ ਕੌਮ ਦਾ ਹੀਰਾ ਕਿਹਾ ਸੀ, ਤੇ ਅੱਜ ਕੁੱਝ ਲੋਕ ਉਸੇ ਦਿਲਜੀਤ ਨੂੰ ਸਿਰਫ ਇੱਕ ਪਾਕਿਸਤਾਨੀ ਅਦਾਕਾਰਾ ਨਾਲ ਫਿਲਮ ਕਰਨ ਨੂੰ ਲੈ ਕੇ ਗਦਾਰ ਕਹਿ ਰਹੇ ਹਨ ਅਤੇ ਉਸ ਦੀ ਦੇਸ਼ ਵਿੱਚ ਨਾਗਰਿਕਤਾ ਖ਼ਤਮ ਕਰਨ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਮਲਾ ਦਿਲਜੀਤ ਦੋਸਾਂਝ ਤੇ ਨਹੀਂ ਸਗੋਂ ਸਾਡੇ ਸਾਂਝੇ ਸੱਭਿਆਚਾਰ, ਕਲਾ, ਵਿਚਾਰਾਂ ਦੀ ਆਜ਼ਾਦੀ ਤੇ ਵੱਡਾ ਹਮਲਾ ਹੈ, ਜੋ ਸਰਾਸਰ ਗਲਤ ਹੈ। ਪਰਮਿੰਦਰ ਸਿੰਘ ਰੱਤੋਵਾਲ ਨੇ ਫਿਲਮ ਸਰਦਾਰ ਜੀ 3 ਨੂੰ ਦੇਸ਼ ਵਿੱਚ ਰਿਲੀਜ ਨਾ ਕਰਨ ਤੇ ਰੋਸ਼ ਜਤਾਉਂਦਿਆਂ ਕਿਹਾ ਕਿ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਪੰਜਾਬ, ਪੰਜਾਬੀਅਤ ਅਤੇ ਸਾਡੇ ਵਿਰਸੇ ਦੀ ਦੁਨੀਆਂ ਵਿੱਚ ਤਰਜ਼ਮਾਨੀ ਕਰਨ ਵਾਲਾ ਇਨਸਾਨ ਹੈ। ਹਰ ਪੰਜਾਬੀ ਨੂੰ ਉਸਦੇ ਹੱਕ ਵਿੱਚ ਖੜ੍ਹਨਾ ਚਾਹੀਦਾ ਹੈ।
Leave a Reply